17/06/2025
ਗੁਰਮੁਖ ਸਿੰਘ, ਘੁੰਗਰਾਲੀ ਦਾਹੜੀ ਵਾਲ਼ਾ ਲੰਮਾ ਜਿਹਾ ਮੁੰਡਾ..ਉਹਨਾਂ ਵੇਲਿਆਂ ਦੀ ਸਭ ਤੋਂ ਵੱਧ ਸੋਹਣੀ 'ਤੇ ਪੋਚਵੀਂ ਜਿਹੀ ਪੱਗ ਬੰਨਿਆ ਕਰਦਾ ਸੀ! ਕੁੜੀਆਂ "ਪਾਠੀ" ਆਖ ਛੇੜਿਆ ਕਰਦੀਆਂ..ਰੋਜ਼ ਪੰਦਰਾਂ ਕਿਲੋਮੀਟਰ ਦੂਰ ਬਾਡਰ ਲਾਗੇ ਇੱਕ ਪਿੰਡ ਤੋਂ ਪੂਰਾਣੇ ਜਿਹੇ ਸਾਈਕਲ 'ਤੇ ਬਟਾਲੇ ਪੜਨ ਆਇਆ ਕਰਦਾ ਸੀ..! ਅੱਖੀਆਂ ਕਈ ਵਾਰ ਮਿਲ਼ੀਆਂ ਪਰ ਗੱਲ ਫਾਈਨਲ ਦੀ ਫੇਅਰਵੈਲ ਪਾਰਟੀ ਵਿੱਚ ਹੋਈ..ਬਹਾਨੇ ਜਿਹੇ ਨਾਲ ਕੋਲ ਆ ਆਖਣ ਲੱਗਾ "ਜੇ ਠੀਕ ਸਮਝੋਂ ਤਾਂ ਅੱਗੋਂ ਵੀ ਇੱਕ ਦੂਜੇ ਦੀ ਸੁਖ-ਸਾਂਦ ਪੁੱਛਦੇ ਦਸਦੇ ਰਿਹਾ ਕਰਾਂਗੇ"
ਨਾਲ ਹੀ ਰੁੱਕੇ ਵਿੱਚ ਲਿਖਿਆ ਕਿੰਨਾਂ ਕੁੱਝ ਅਤੇ ਪਿੰਡ ਦਾ ਐਡਰੈੱਸ ਮੈਨੂੰ ਫੜਾ ਦਿੱਤਾ..! ਮੇਰੇ ਵੱਡੇ-ਵੱਡੇ ਸੁਫਨਿਆਂ ਅੱਗੇ ਮਿੱਟੀ-ਘੱਟੇ ਅਤੇ ਗੋਹੇ ਨਾਲ ਲਿਬੜੀਆਂ ਉਸਦੀਆਂ ਭਵਿੱਖ ਦੀਆਂ ਯੋਜਨਾਵਾਂ ਤੁੱਛ ਜਿਹੀਆਂ ਲਗੀਆਂ..!
ਮੈਂ ਰੁੱਕਾ ਪਾੜਿਆ ਨਾਂ..ਸ਼ਰਾਰਤ ਸੁੱਝੀ..ਸੋਚਿਆ ਨਾਲਦੀਆਂ ਨੂੰ ਵਖਾਵਾਂਗੀ ਤਾਂ ਥੋੜਾ ਹਾਸਾ ਠੱਠਾ ਕਰ ਲੈਣਗੀਆਂ..ਨਾਲਦੀਆਂ ਕਿੰਨਾ ਕੁਝ ਲਿਖਿਆ ਦੇਖ ਬੜਾ ਹੱਸੀਆਂ..ਕੁੱਝ ਨੇ ਟਿੱਚਰ ਵੀ ਕੀਤੀ..ਆਖਿਆ ਤਾਂ ਕੀ ਹੋਇਆ ਜੇ ਪਿੰਡੋਂ ਆਉਂਦਾ ਏ ਤਾਂ... ਸੂਰਤ ਅਤੇ ਸੀਰਤ ਦਾ 'ਤੇ ਮਾੜਾ ਨਹੀਂ" ਪਰ ਮੇਰਾ ਦਿਮਾਗ ਸਤਵੇਂ ਆਸਮਾਨ ਤੇ ਹੋਇਆ ਕਰਦਾ ਸੀ..ਸਿਰ ਜਿਹਾ ਮਾਰ ਮਗਰੋਂ ਪਤਾ ਨੀ ਮੈਂ ਉਹ ਰੁੱਕਾ ਕਦੋਂ 'ਤੇ ਕਿੱਥੇ ਪਾੜ ਕੇ ਸਿੱਟ ਦਿੱਤਾ..! ਤਾਇਆਂ ਚਾਚਿਆ ਦੀਆਂ ਜ਼ਿਆਦਾਤਰ ਕੁੜੀਆਂ ਬਾਹਰ ਹੀ ਸਨ..!
ਉਨ੍ਹਾਂ ਦਾ ਰਹਿਣ ਸਹਿਣ 'ਤੇ ਵਿੱਚਰਨ ਦਾ ਸਲੀਕਾ ਮੈਨੂੰ ਹਮੇਸ਼ਾਂ ਆਕਰਸ਼ਿਤ ਕਰਦਾ..ਵਿਆਹ ਮੰਗਣੇ 'ਤੇ ਅਕਸਰ ਹੀ ਹੁੰਦੀ ਉਹਨਾਂ ਦੀ ਖਾਸ ਤਰਾਂ ਦੀ ਖਾਤਿਰ ਦਾਰੀ..ਅਤੇ ਉਨ੍ਹਾਂ ਦੇ ਵਾਲਾਂ ਕੱਪੜਿਆਂ ਵਿੱਚੋਂ ਆਉਂਦੀ ਇੱਕ ਵੱਖਰੀ ਤਰਾਂ ਦੀ ਵਿਚਿੱਤਰ ਜਿਹੀ ਖੁਸ਼ਬੋਂ ਹਮੇਸ਼ਾਂ ਹੀ ਰੀਸ ਕਰਨ ਲਈ ਪ੍ਰੇਰਿਤ ਕਰਿਆ ਕਰਦੀ..ਉਹ ਅਕਸਰ ਹੀ ਬਾਹਰ ਦੇ ਸਾਫ ਸੁਥਰੇ ਮਾਹੌਲ, ਰਹਿਣੀ ਸਹਿਣੀ, ਉੱਚੀਆਂ ਇਮਾਰਤਾਂ ਦਰਿਆਵਾਂ ਝੀਲਾਂ ਗੋਰੇ ਗੋਰੀਆਂ ਦੀ ਗੱਲ ਕਰਿਆ ਕਰਦੀਆਂ..!
ਫੇਰ ਸੰਨ ਛਿਆਸੀ ਵਿੱਚ ਆਈ "ਲੌਂਗ ਦੇ ਲਿਸ਼ਕਾਰਾ" ਨਾਮੀਂ ਪੰਜਾਬੀ ਫਿਲਮ ਦਾ ਕਨੇਡਾ ਤੋਂ ਆਇਆ ਰਾਜ ਬੱਬਰ ਮੈਨੂੰ ਮੇਰਾ ਸੁਫਨਿਆਂ ਦਾ ਸ਼ਹਿਜ਼ਾਦਾ ਲੱਗਦਾ..ਮਗਰੋਂ ਸਤਾਸੀ-ਅਠਾਸੀ ਵਿੱਚ ਆਈ ਇੱਕ ਹੋਰ ਪੰਜਾਬੀ ਫਿਲਮ "ਯਾਰੀ ਜੱਟ ਦੀ" ਨੇ ਰਹਿੰਦੀ-ਖੂੰਹਦੀ ਕਸਰ ਵੀ ਪੂਰੀ ਕਰ ਦਿੱਤੀ..ਮੈਂ ਬਿਨਾਂ ਦੱਸਿਆਂ ਪੂਰੇ ਪੰਜ ਵਾਰ ਦੇਖੀ..ਸਾਰੀ ਫਿਲਮ ਵਿੱਚ ਇੰਗਲੈਂਡ ਦਾ ਮਾਹੌਲ ਦਿਖਾਇਆ ਗਿਆ ਸੀ..ਮੈਨੂੰ ਸ਼ੀਸ਼ੇ ਸਾਮਣੇ ਖਲੋਤੀ ਨੂੰ ਆਪਣੇ ਆਪ ਵਿੱਚ ਪ੍ਰੀਤੀ ਸਪਰੂ ਨਜਰ ਆਉਂਦੀ..ਮਨ ਵਿੱਚ ਗੰਢ ਬੰਨ ਲਈ ਕੇ ਭਾਵੇਂ ਜੋ ਮਰਜੀ ਹੋ ਜਾਵੇ..ਜਾਣਾ 'ਤੇ ਬਾਹਰ ਈ ਏ..!
ਫੇਰ ਮੰਗਣਾਂ ਬਾਹਰ ਹੋ ਗਿਆ..ਵਿਆਹ, ਜੰਝ, ਮੈਰਿਜ ਪੈਲੇਸ, ਦਾਜ ਦਹੇਜ, ਕਾਰਾਂ ਬੱਸਾਂ 'ਤੇ ਸੱਜਣ ਫੱਬਣ ਹੋਰ ਵੀ ਕਿੰਨਾ ਕੁੱਝ ਬਾਹਰਲੀਆਂ ਵਾਂਗ ਕੀਤਾ..ਗਿਆਰਾਂ ਬੰਦਿਆਂ ਦੀ ਬਰਾਤ ਦੇ ਰਿਵਾਜ ਕਰਕੇ ਚੰਡੀਗੜ ਜਾਣਾ ਪਿਆ..!
ਮੁੜ ਸਾਲ ਕੂ ਦੀ ਉਡੀਕ ਮਗਰੋਂ ਅਖੀਰ ਉਹ ਦਿਨ ਆਣ ਹੀ ਪਹੁੰਚਿਆ..ਸਤਾਈਆਂ ਘੰਟਿਆਂ ਦੀ ਫਲਾਈਟ ਮਗਰੋਂ ਟਰਾਂਟੋ ਉੱਤਰੀ..ਸੁਫ਼ਨੇ ਸਜਾਉਂਦੀ ਜਹਾਜ਼ੋਂ ਬਾਹਰ ਆਈ..ਚਮਕਾਂ ਮਾਰਦੇ ਏਅਰਪੋਰਟ 'ਤੇ ਬੰਦੇ ਘੱਟ 'ਤੇ ਮਸ਼ੀਨਾਂ ਜ਼ਿਆਦਾ ਦਿੱਸੀਆਂ..!
ਪਹਿਲੀ ਰਾਤ ਜਦੋਂ ਹਰ ਨਵੀਂ ਵਿਆਹੀ ਦੇ ਮਨ ਵਿੱਚ ਢੇਰ ਸਾਰੇ ਵਲਵਲੇ ਹੁੰਦੇ..ਨਾਲਦੇ ਨਾਲ ਢੇਰ ਸਾਰੀਆਂ ਗੱਲਾਂ ਕਰਨ ਦੀ ਚਾਹ ਹੁੰਦੀ ਏ..ਜੀ ਕਰਦਾ ਏ ਕੇ ਕੋਈ ਹੱਥ ਫੜ ਪੁੱਛੇ ਕੇ ਹੁਣ ਤੱਕ ਦਾ ਤੇਰਾ ਜ਼ਿੰਦਗੀ ਦਾ ਸਫ਼ਰ ਕਿੱਦਾਂ ਰਿਹਾ..ਹੋਰ ਵੀ ਢੇਰ ਸਾਰਾ ਕਿੰਨਾ ਕੁੱਝ..!
ਪਰ ਇੰਝ ਦਾ ਕੁੱਝ ਵੀ ਨਹੀਂ ਹੋਇਆ..ਤੜਕੇ ਤੱਕ ਬੱਸ ਰੌਲੇ ਰੱਪੇ ਅਤੇ ਸ਼ਰਾਬ ਦੇ ਦੌਰ ਚੱਲਦੇ ਰਹੇ ਮੁੜਕੇ ਨਸ਼ੇ ਦੇ ਲੋਰ ਵਿੱਚ ਝੂਮਦੀ ਹੋਈ ਦਸਾਂ ਮਿੰਟਾਂ ਦੀ ਇੱਕ ਸੁਨਾਮੀ ਜਿਹੀ ਆਈ 'ਤੇ ਸੰਜੋਏ ਹੋਏ ਸਾਰੇ ਸੁਫ਼ਨੇ ਆਪਣੇ ਨਾਲ ਵਹਾ ਕੇ ਲੈ ਗਈ..!
ਮਗਰੋਂ ਮਹਿਸੂਸ ਹੋਇਆ ਕਿ ਸਾਰਾ ਟੱਬਰ ਹੀ ਏਦਾਂ ਦਾ ਸੀ..ਹਰ ਗੱਲ ਡਾਲਰਾਂ ਦੀ ਤੱਕੜੀ ਵਿੱਚ ਤੁਲਿਆ ਕਰਦੀ..ਹਮੇਸ਼ਾਂ ਇਹੋ ਸਲਾਹਾਂ..ਕਿ ਵੱਧ ਤੋਂ ਵੱਧ ਡਾਲਰ ਕਿਦਾਂ ਬਣਾਉਣੇ ਨੇ..ਕਈ ਵਾਰ ਆਪੋ ਵਿੱਚ ਲੜ ਵੀ ਪਿਆ ਕਰਦੇ..ਭਾਵਨਾਵਾਂ ਅਤੇ ਕਦਰਾਂ ਕੀਮਤਾਂ ਬਰਫ ਨਾਲੋਂ ਵੀ ਠੰਡੀਆਂ..!
ਮੁਸ਼ਕ ਮਾਰਦੀ ਫੈਕਟਰੀ ਵਿੱਚ ਭਰ ਗਰਮੀ ਵਿਚ ਕੰਮ ਕਰਦੀ ਨੂੰ ਅਕਸਰ ਪੰਜਾਬ ਚੇਤੇ ਆਉਂਦਾ..ਲੱਗਦਾ ਕੁੜਿੱਕੀ ਵਿੱਚ ਫਸ ਕੇ ਰਹਿ ਗਈ ਸਾਂ..!
ਸੋਫੀਆ ਨਾਮ ਦੀ ਕੁੜੀ ਦਾ ਫੋਨ ਅਕਸਰ ਆਉਂਦਾ ਰਹਿੰਦਾ..ਇਹ ਕਿੰਨੀ ਦੇਰ ਉਸ ਨਾਲ ਗੱਲੀਂ ਲੱਗਾ ਰਹਿੰਦਾ..ਮੈਨੂੰ ਤਕਲੀਫ ਹੁੰਦੀ..ਅੰਦਰੋਂ ਅੰਦਰ ਸੜਦੀ-ਭੁੱਜਦੀ ਸੋਚਦੀ..ਮੇਰੇ ਨਾਲ ਕਿਓਂ ਨਹੀਂ ਕਰਦਾ ਇੰਝ ਦੀਆਂ ਗੱਲਾਂ..ਸ਼ਾਇਦ ਅੰਗਰੇਜੀ ਘੱਟ ਆਉਂਦੀ ਸੀ..!
ਕਿਸੇ ਨਾਲ ਦਿਲ ਫਰੋਲਦੀ ਤਾਂ ਆਖ ਦਿੰਦੇ ਕਿ ਨਾਲ ਕੰਮ ਕਰਦੀ ਏ..ਪਰ ਜਦੋਂ ਉਹ ਇੱਕ ਦੋ ਵਾਰ ਘਰੇ ਬੈਡ ਰੂਮ ਤੱਕ ਆਣ ਅੱਪੜੀ ਤਾਂ ਫੇਰ ਮੈਥੋਂ ਨਾ ਹੀ ਰਿਹਾ ਗਿਆ..ਕਲੇਸ਼ ਪਾ ਧਰਿਆ..ਸਾਰੇ ਆਖਣ ਇੱਥੇ ਇਹ ਸਭ ਕੁੱਝ 'ਤੇ ਆਮ ਜਿਹੀ ਗੱਲ ਏ..!
ਫੇਰ ਨਿੱਕੀ ਨਿੱਕੀ ਗੱਲ ਤੋਂ ਪੈਂਦਾ ਕਲਾ ਕਲੇਸ਼ ਨਿੱਤ ਦਾ ਵਰਤਾਰਾ ਜਿਹਾ ਬਣ ਗਿਆ..
ਪਹਿਲਾਂ ਪੁਲਸ ਅਤੇ ਫੇਰ ਅਦਾਲਤਾਂ 'ਤੇ ਹੋਰ ਵੀ ਬੜਾ ਕੁੱਝ..ਲੌਂਗ ਦੇ ਲਿਸ਼ਕਾਰੇ ਵਾਲਾ ਰਾਜ ਬੱਬਰ ਮੈਨੂੰ ਕਿਧਰੇ ਵੀ ਨਾਂ ਦਿੱਸਿਆ 'ਤੇ ਨਾਂ ਹੀ ਮੈਂ ਅਸਲ ਜ਼ਿੰਦਗੀ ਦੀ ਪ੍ਰੀਤੀ ਸਪਰੂ ਹੀ ਬਣ ਸਕੀ..!
ਉਸ ਦਿਨ ਤਲਾਕ ਦੀ ਸੁਣਵਾਈ ਵਾਲੀ ਆਖਰੀ ਤਰੀਖ ਸੀ..ਕੱਲੀ ਬੈਠੀ ਨੂੰ ਕਿੰਨੇ ਵਰੇ ਪਹਿਲਾਂ ਵਾਲਾ ਲੰਮੀ ਦਾਹੜੀ ਵਾਲਾ ਓਹੀ ਗੁਰਮੁਖ ਸਿੰਘ ਚੇਤੇ ਆ ਗਿਆ..
ਪਤਾ ਨਹੀਂ ਕਿਧਰੇ ਹੋਵੇਗਾ ਹੁਣ..ਪਸੰਦ ਨਹੀਂ ਸੀ ਤਾਂ ਫੇਰ ਕੀ ਹੋਇਆ..ਘੱਟੋ ਘੱਟ ਉਸਦੀਆਂ ਭਾਵਨਾਵਾਂ ਦਾ ਮਜ਼ਾਕ ਨਹੀਂ ਸੀ ਉਡਾਉਣਾਂ ਚਾਹੀਦਾ..ਐਨਾਂ ਉੱਚਾ ਨਹੀਂ ਸੀ ਉੱਡਣਾ ਚਾਹੀਦਾ..!
ਤਿੰਨ ਦਹਾਕਿਆਂ ਮਗਰੋਂ ਮੇਰੇ ਵਾਲੀ ਉਮਰ ਦੇ ਓਸੇ ਪੜਾਅ ਵਿੱਚ ਅੱਪੜ ਚੁੱਕੀ ਆਪਣੀ ਧੀ ਨੂੰ ਇੱਕੋ ਗੱਲ ਸਮਝਾਉਂਦੀ ਹਾਂ ਕਿ ਧੀਏ ਕੁੱਝ ਪਲਾਂ ਦੀ ਬੱਲੇ ਬੱਲੇ ਅਤੇ ਚਕਾ-ਚੌਂਧ ਦੀ ਖਾਤਿਰ ਕਿਸੇ ਸਾਫ ਦਿਲ ਗੁਰਮੁਖ ਸਿੰਘ ਨੂੰ ਪੈਸੇ ਵਾਲੀ ਤੱਕੜੀ ਵਿੱਚ ਨਾਂ ਤੋਲ ਬੈਠੀਂ..ਬੜੀ ਭਾਰੀ ਕੀਮਤ ਚੁਕਾਉਣੀ ਪੈਂਦੀ ਏ..ਸਾਰੀ ਉਮਰ ਇੱਕ ਐਸਾ ਜ਼ਹਿਰ ਪੀਣਾਂ ਪੈਂਦਾ ਜਿਹੜਾ ਨਾਂ 'ਤੇ ਚੰਗੀ ਤਰਾਂ ਜਿਊਣ ਦਿੰਦਾ 'ਤੇ ਨਾਂ ਹੀ ਪੂਰੀ ਤਰਾਂ ਮਰਨ! 👏
ਲੋਕ ਕਚਹਿਰੀ ਦਾ ਫੈਸਲਾ ਕਿ ਇਹ ਲਿਖਤ ਹਰਪ੍ਰੀਤ ਸਿੰਘ ਜਵੰਦਾ ਜੀ ਦੀ ਐ! 👏
ਗੁਰਪ੍ਰੀਤ ਸੇਖਾ